ਸੱਭਿਆਚਾਰ ਦੇ ਰੰਗ ’ਚ ਖ਼ੁਦ ਨੂੰ ਰੰਗੋ

-ਸੁਰਜੀਤ ਸਿੰਘ ਫਲੋਰਾ

ਮੈਨੂੰ ਕੈਨੇਡਾ ’ਚ ਆਏ ਨੂੰ ਤਕਰੀਬਨ 30 ਸਾਲ ਹੋ ਚੁੱਕੇ ਹਨ। ਇੱਥੇ ਬਹੁਤ ਸਾਰੇ ਪਰਵਾਸੀ ਰੋਜ਼ ਆ ਰਹੇ ਹਨ। ਉਨ੍ਹਾਂ ’ਚੋਂ ਕੁਝ ਕਹਿ ਰਹੇ ਨੇ ਕਿ ਕੈਨੇਡਾ ਰਹਿਣ ਲਈ ਇਕ ਬਹੁਤ ਹੀ ਸ਼ਾਨਦਾਰ ਦੇਸ਼ ਹੈ। ਜਿਨ੍ਹਾਂ ਨੂੰ ਭੱਲ ਨਹੀਂ ਪਚਦੀ, ਜੋ ਆਪਣੀਆਂ ਭੈੜੀਆਂ ਆਦਤਾਂ, ਐਬਾਂ ਨਾਲ ਭਰੇ ਪਏ ਹਨ ਤੇ ਆਪਣੇ-ਆਪ ਨੂੰ ਬਦਲ ਨਹੀਂ ਸਕਦੇ ਜਾਂ ਇਹ ਕਹਿ ਲਓ ਕਿ ਕਿਸੇ ਦੂਸਰੇ ਦੇਸ਼ ਵਿਚ ਜਾ ਕੇ ਉੱਥੋਂ ਦੇ ਕਾਇਦੇ-ਕਾਨੂੰਨ ਜਾਂ ਸੱਭਿਆਚਾਰ ਨੂੰ ਅਪਣਾ ਨਹੀਂ ਸਕਦੇ, ਉਹ ਕੈਨੇਡਾ ਨੂੰ ਮਾੜਾ ਕਹਿੰਦੇ ਹਨ। ਉਹ ਇੱਥੇ ਮਨਮਾਨੀ ਨਹੀਂ ਕਰ ਸਕਦੇ। ਮੇਰੇ ਉੱਤਮ ਗਿਆਨ, ਤਜਰਬੇ ਅਤੇ ਪ੍ਰਤੀਕਰਮ ਮੁਤਾਬਕ ਪਰਵਾਸੀਆ ਲਈ ਕੈਨੇਡਾ ਤੋਂ ਵਧੀਆ ਕੋਈ ਹੋਰ ਦੇਸ਼ ਹੈ ਹੀ ਨਹੀਂ। ਸੱਚ ਤਾਂ ਇਹ ਹੈ ਕਿ ਜੇਕਰ ਕੋਈ ਵੀ ਕੈਨੇਡਾ ਜਿਹੇ ਖੂਬਸੂਰਤ ਦੇਸ਼ ਵਿਚ ਆ ਕੇ ਵੀ ਖ਼ੁਦ ਨੂੰ ਬਦਲ ਨਹੀਂ ਸਕਿਆ ਤਾਂ ਇਹ ਸਮਝ ਲਓ ਕਿ ਉਹ ਕੈਨੇਡਾ ਦੇ ਖ਼ੁਸ਼ਹਾਲ ਜੀਵਨ, ਦਿਲਚਸਪੀਆਂ, ਤਜਰਬਿਆਂ ਤੋਂ ਵਾਂਝਾ ਰਹਿ ਰਿਹਾ ਹੈ। ਮੇਰਾ ਪਹਿਲਾ ਕਾਇਦਾ-ਕਾਨੂੰਨ ਇਹ ਸੀ ਕਿ ਮੈਂ ਕੈਨੇਡੀਅਨਾਂ ਅਤੇ ਕੈਨੇਡਾ ਦੇ ਸੱਭਿਆਚਾਰ ਨੂੰ ਅਪਨਾਉਣ ਲਈ ਆਪਣੇ ਸ਼ੁਰੂਆਤੀ ਸਾਲਾਂ ਵਿਚ ਕਦੇ ਫ਼ਾਲਤੂ ਲੋਕਾਂ ਨੂੰ ਦੋਸਤ ਨਹੀ ਬਣਾਇਆ ਸੀ। ਮੈਂ ਅੰਗਰੇਜ਼ੀ ਸਿੱਖੀ ਅਤੇ ਖ਼ੁਦ ਨੂੰ ਸਥਾਨਕ, ਰਾਸ਼ਟਰੀ ਭਾਸ਼ਾ ਬੋਲਣ ਲਈ ਤਿਆਰ ਕੀਤਾ। ਲੋਕਾਂ ਵਿਚ ਵਿਚਰਨ ਲਈ ਇਹ ਬਹੁਤ ਜ਼ਰੂਰੀ ਸੀ।

ਪਹਿਲਾਂ ਇਹ ਮੁਸ਼ਕਲ ਕੁਝ ਡਰਾਉਣੀ ਸੀ ਪਰ ਹੌਲੀ-ਹੌਲੀ ਮੈਂ ਇਸ ਨੂੰ ਸਿੱਖਦਾ ਗਿਆ ਤੇ ਗੋਰੇ ਲੋਕਾਂ ’ਚ ਵਿਚਰਨ ਲੱਗਾ। ਉਨ੍ਹਾਂ ਨੇ ਮੇਰੀ ਸ਼ੁਰੂਆਤੀ ਟੁੱਟੀ-ਭੱਜੀ ਅੰਗਰੇਜ਼ੀ ਦਾ ਮਜ਼ਾਕ ਨਹੀਂ ਬਣਾਇਆ ਸਗੋਂ ਉਨ੍ਹਾਂ ਵੱਲੋਂ ਤੀਬਰਤਾ ਅਤੇ ਹਸਰਤ ਨਾਲ ਮੈਨੂੰ ਆਪਣੇ ਸੱਭਿਆਚਾਰ, ਆਪਣੇ ਕੈਨੇਡੀਅਨ ਪਰਿਵਾਰ ਵਿਚ ਸ਼ਾਮਲ ਹੀ ਨਹੀਂ ਕੀਤਾ ਬਲਕਿ ਹੌਸਲਾ ਦਿੱਤਾ ਜਿਸ ਨੇ ਮੈਨੂੰ ਅੱਗੇ ਹੀ ਅੱਗੇ ਵਧਣ ਦਾ ਮੌਕਾ ਦਿੱਤਾ। ਇੱਥੇ ਮੁੱਖ ਗੱਲ ਰਾਸ਼ਟਰੀ ਭਾਸ਼ਾ ਸਿੱਖਣ ਦੀ ਹੈ। ਭਾਸ਼ਾ ਅਤੇ ਸੱਭਿਆਚਾਰ ਸਿੱਖਣ ਨਾਲ, ਝਟਕੇ ਅਤੇ ਗ਼ਲਤਫਹਿਮੀ ਦੇ ਪ੍ਰਭਾਵਾਂ ਨੂੰ ਘਟਾਉਣ ਵਿਚ ਸਹਾਇਤਾ ਮਿਲਦੀ ਹੈ। ਸੱਭਿਆਚਾਰਕ ਅੰਤਰ ਕਾਰਨ ਗ਼ਲਤਫਹਿਮੀਆਂ ਇਕ ਹਕੀਕਤ ਹਨ। ਜੇਕਰ ਸੰਵੇਦਨਸ਼ੀਲਤਾ ਅਤੇ ਧਿਆਨ ਨਾਲ ਸਭ ਕੁਝ ਤਰੀਕੇ ਨਾਲ ਕਰੋਗੇ ਅਤੇ ਭੈੜੀਆ ਆਦਤਾਂ ਨੂੰ ਪਿੱਛੇ ਛੱਡ ਕੇ ਆਓਗੇ ਤਾਂ ਇੱਥੇ ਜ਼ਿੰਦਗੀ ਬਹੁਤ ਖੂਬਸੂਰਤ ਲੱਗੇਗੀ। ਕੈਨੇਡਾ ਪਰਵਾਸੀਆਂ ਦਾ ਦੇਸ਼ ਹੈ ਅਤੇ ਇਹ ਟੋਰਾਂਟੋ ਵਿਚ ਵਿਸ਼ੇਸ਼ ਤੌਰ ’ਤੇ ਸੱਚ ਹੈ। ਭਾਰਤ ਦੇ ਬਹੁਤ ਸਾਰੇ ਲੋਕ ਇੱਥੇ ਕਾਰੋਬਾਰਾਂ ਦੇ ਮਾਲਕ ਹਨ। ਭਾਰਤੀ-ਪਾਕਸਤਾਨੀ ਗਰੋਸਰੀ, ਆਟੋ ਸ਼ਾਪਸ, ਗੁਰੂਘਰ, ਗੱਲ ਕੀ ਹਰ ਧਰਮ ਦੇ ਲੋਕਾਂ ਲਈ ਹਰ ਵਸਤੂ, ਆਪਣੀ ਬੋਲੀ ਵਾਲੇ ਡਾਕਟਰ, ਨਰਸਾਂ, ਸਕੂਲ, ਅੰਗਰੇਜ਼ੀ ਸਕੂਲਾਂ ਵਿਚ ਸਾਡੇ ਭਾਈਚਾਰੇ, ਸਾਡੀ ਬੋਲੀ ਵਾਲੇ ਟੀਚਰ ਮਿਲ ਜਾਂਦੇ ਹਨ ਜਿਨ੍ਹਾਂ ਨੂੰ ਮਿਲ ਕੇ ਤੁਸੀਂ ਆਪਣਾਪਣ ਮਹਿਸੂਸ ਕਰ ਸਕਦੇ ਹੋ। ਮੈਂ ਅਜਿਹਾ ਕੀਤਾ ਹੈ ਤੁਸੀਂ ਵੀ ਕਰ ਸਕਦੇ ਹੋ। ਗੱਲ ਤਾਂ ਸਿਰਫ਼ ਆਪਣੇ-ਆਪ ਨੂੰ ਦੂਸਰੇ ਦੇਸ਼ ਵਿਚ ਉੱਥੋਂ ਦੇ ਕਾਇਦੇ-ਕਾਨੂੰਨ ’ਚ ਢਾਲਣ ਦੀ ਹੈ।

ਬਹੁਤ ਸਾਰੇ ਗੋਰੇ ਲੋਕ ਮਦਦਗਾਰ ਵੀ ਹੋ ਸਕਦੇ ਹਨ ਤੇ ਤੰਗ ਕਰਨ ਵਾਲੇ ਵੀ। ਇਹੋ ਜਿਹੇ ਲੋਕ ਸਾਨੂੰ ਆਪਣੇ ਦੇਸ਼ ਵਿਚ ਵੀ ਮਿਲ ਜਾਂਦੇ ਹਨ। ਗੱਲ ਕੀ ਧਰਤੀ ਦੇ ਕਿਸੇ ਵੀ ਕੋਨੇ ਵਿਚ ਚਲੇ ਜਾਓ, ਹਰ ਤਰ੍ਹਾਂ ਦੇ ਚੰਗੇ ਮਾੜੇ ਲੋਕ ਮਿਲ ਹੀ ਜਾਂਦੇ ਹਨ। ਬਹੁਤ ਸਾਰੇ ਸੰਪਾਦਕ, ਮੇਅਰ, ਸਿਟੀ ਸਟਾਫ, ਐੱਮਪੀ ਮੇਰੇ ਦੋਸਤ -ਮਿੱਤਰ ਹਨ। ਜਦੋਂ ਤੁਸੀਂ ਕੈਨੇਡਾ ਵਿਚ ਘੁੰਮਦੇ ਹੋ, ਵੇਖੋ ਕਿ ਲੋਕ ਇਕ-ਦੂਜੇ ਨਾਲ ਕਿਵੇਂ ਪੇਸ਼ ਆਉਂਦੇ ਹਨ।

ਇਹ ਹਵਾਈ ਅੱਡੇ ’ਤੇ ਇਮੀਗ੍ਰੇਸ਼ਨ ਅਫ਼ਸਰ ਵੀ ਹੋ ਸਕਦਾ ਹੈ, ਟੈਕਸੀ ਡਰਾਈਵਰ ਜੋ ਤੁਹਾਨੂੰ ਘਰ ਤਕ ਛੱਡਣ ਆਇਆ ਵੀ ਹੋ ਸਕਦਾ ਹੈ। ਸਬਵੇਅ ਸਟੇਸ਼ਨ ਜਾਂ ਫਾਸਟ ਫੂਡ ਸਟੋਰ ਕੈਸ਼ੀਅਰ, ਬੈਂਕ ਵਿਚ ਪ੍ਰਬੰਧਕ ਆਦਿ ਤੋਂ ਤੁਸੀਂ ਕੁਝ ਨਾ ਕੁਝ ਜ਼ਰੂਰ ਸਿੱਖਦੇ ਹੋ। ਆਪਸੀ ਸਤਿਕਾਰ ਅਤੇ ਸੀਮਾਵਾਂ ਹਨ। ਇਕ ਗੱਲ ਦਾ ਹਮੇਸ਼ਾ ਖਿਆਲ ਰੱਖੋ, ਕੋਈ ਵੀ ਧਰਮ ਜਾਂ ਸੱਭਿਆਚਾਰ ਛੋਟਾ ਜਾਂ ਵੱਡਾ ਨਹੀਂ ਹੁੰਦਾ। ਕੋਈ ਵੀ ਵਿਅਕਤੀ ਛੋਟਾ ਜਾਂ ਵੱਡਾ ਨਹੀਂ ਹੁੰਦਾ। ਜੇਕਰ ਕਿਤੇ ਕੋਈ ਛੋਟੇ-ਵੱਡੇ, ਅਮੀਰ-ਗ਼ਰੀਬ ਦੀ ਗੱਲ ਆਉਂਦੀ ਹੈ ਤਾਂ ਉਹ ਹੁੰਦੀ ਹੈ ਇਨਸਾਨ ਦੀ ਸੌੜੀ ਸੋਚ। ਜਦੋਂ ਤੁਸੀਂ ਕਿਸੇ ਗ਼ਲਤ ਅਤੇ ਕਿਸੇ ਚੀਜ਼ ਦੇ ਵਿਚਕਾਰ ਅੰਤਰ ਨੂੰ ਸਮਝਣਾ ਸਿੱਖ ਗਏ ਤਾਂ ਸਮਝ ਲਓ ਕਿ ਤੁਸੀਂ ਦੂਸਰੇ ਦੇਸ਼ ਅਤੇ ਉੱਥੋਂ ਦੇ ਲੋਕਾਂ ਨੂੰ ਸਮਝ ਲਿਆ ਹੈ। ਯਾਦ ਰੱਖੋ, ਕੁਝ ਲੋਕ ਬਿਲਕੁਲ ਵੱਖਰੇ ਹੁੰਦੇ ਹਨ। ਹੋ ਸਕਦਾ ਹੈ ਕਿ ਤੁਸੀਂ ਉਨ੍ਹਾਂ ਦੀ ਕਦਰ ਨਾ ਕਰਨਾ ਚਾਹੋ ਪਰ ਘੱਟੋ-ਘੱਟ ਤੁਹਾਨੂੰ ਇਸ ਅੰਤਰ ਨੂੰ ਮੰਨਣਾ ਤਾਂ ਚਾਹੀਦਾ ਹੀ ਹੈ ਅਤੇ ਇਸ ਨੂੰ ਕੁਦਰਤੀ ਤੋਹਫ਼ੇ ਵਜੋਂ ਸਵੀਕਾਰ ਕਰਨਾ ਚਾਹੀਦਾ ਹੈ। ਅਜਿਹਾ ਨਹੀਂ ਕਰਦੇ ਤਾਂ ਤੁਸੀਂ ਆਪਣੇ-ਆਪ ਨੂੰ ਅਲੱਗ-ਥਲੱਗ ਮਹਿਸੂਸ ਕਰਨ ਲੱਗੋਗੇ ਅਤੇ ਹਰ ਪੱਛਮੀ ਵਿਅਕਤੀ ਨੂੰ ਪੱਖਪਾਤੀ, ਨਸਲਵਾਦੀ, ਗ਼ਲਤ ਜਾਂ ਹੰਕਾਰੀ ਵਜੋਂ ਵੇਖੋਗੇ ਜੋ ਤੁਹਾਨੂੰ ਮਾਨਸਿਕ ਪਰੇਸ਼ਾਨੀ ਵੱਲ ਧੱਕ ਦੇਵੇਗਾ। ਤੁਹਾਡਾ ਭਵਿੱਖ ਅਤੇ ਕਿਸਮਤ ਉਹੀ ਹੈ ਜੋ ਤੁਸੀਂ ਇਸ ਨੂੰ ਬਣਾਉਂਦੇ ਹੋ। ਕੋਸ਼ਿਸ਼ ਕਰੋ, ਸਖ਼ਤ ਮਿਹਨਤ ਕਰੋ ਅਤੇ ਪਰਮਾਤਮਾ ਅੱਗੇ ਸਭ ਦੀ ਸੁੱਖ, ਚੜ੍ਹਦੀ ਕਲਾ, ਸਰਬੱਤ ਦੇ ਭਲੇ ਲਈ ਅਰਦਾਸ ਕਰੋ। ਹਰ ਕਿਸੇ ਕੋਲ ਆਪੋ-ਆਪਣੀ ਕਾਬਲੀਅਤ ਅਤੇ ਹੁਨਰ ਹੁੰਦੇ ਹਨ। ਉਨ੍ਹਾਂ ਸ਼ਕਤੀਆਂ, ਹੁਨਰਾਂ ਦੀ ਆਪਣੇ ਅੰਦਰੋਂ ਪਛਾਣ ਕਰੋ ਅਤੇ ਆਪਣੇ ਕਮਜ਼ੋਰ ਖੇਤਰਾਂ ਦੀ ਪਛਾਣ ਕਰੋ ਅਤੇ ਉਨ੍ਹਾਂ ਨੂੰ ਸੁਧਾਰਨ ਲਈ ਸਖ਼ਤ ਮਿਹਨਤ ਕਰੋ। ਇੰਜ ਤੁਸੀਂ ਆਪਣੇ-ਆਪ ਨੂੰ ਬਹੁਤ ਸੁਖੀ ਮਹਿਸੂਸ ਕਰੋਗੇ। ਮੁੱਖ ਗੱਲ ਇਹ ਹੈ ਕਿ ਰੱਬ ਵਿਚ ਪੂਰਾ ਵਿਸ਼ਵਾਸ ਰੱਖੋ ਅਤੇ ਉਸ ’ਤੇ ਭਰੋਸਾ ਕਰੋ ਜੋ ਤੁਹਾਨੂੰ ਸਹੀ ਮਾਰਗ ਵੱਲ ਲੈ ਕੇ ਜਾਵੇਗਾ। ਇਸ ਦੇ ਨਾਲ ਹੀ ਆਪਣੀ ਅੰਦਰੂਨੀ ਤਾਕਤ ਅਤੇ ਨਿਰਣੇ ’ਤੇ ਵੀ ਯਕੀਨ ਕਰੋ। ਨਿਮਰ, ਆਦਰਯੋਗ ਅਤੇ ਸੁਸ਼ੀਲ ਬਣੋ। ਇਹ ਕੈਨੇਡੀਅਨ ਸੱਭਿਆਚਾਰ ਹੈ। ਮੈਂ ਇਸ ਨੂੰ ਆਪਣੇ ਅਨੁਕੂਲ ਬਣਾਇਆ ਹੈ, ਤੁਸੀਂ ਵੀ ਬਣਾ ਸਕਦੇ ਹੋ। ਯਾਦ ਰੱਖੋ ਕਿ ਕੈਨੇਡਾ ਵਿਚ ਰਹਿਣ ਦਾ ਤੁਹਾਡਾ ਖ਼ਾਬ ਸੀ। ਤੁਸੀਂ ਇੱਥੇ ਪਹੁੰਚ ਚੁੱਕੇ ਹੋ ਪਰ ਇੱਥੇ ਪਹੁੰਚਣ ਲਈ ਤੁਸੀਂ ਸਖ਼ਤ ਸੰਘਰਸ਼ ਕੀਤਾ ਹੈ। ਇੱਥੇ ਜ਼ਿੰਦਗੀ ਨੂੰ ਖੂਬਸੂਰਤ ਬਣਾਉਣ ਲਈ ਥੋੜ੍ਹਾ ਹੋਰ ਸੰਘਰਸ਼ ਕਰ ਲਓ। ਮੈਂ ਰੋਜ਼ ਦੇਖਦਾ ਹਾਂ ਕਿ ਸਾਡੇ ਭਾਰਤੀ ਲੋਕ ਸੜਕਾਂ ’ਤੇ ਤੇਜ਼ ਰਫ਼ਤਾਰ ਨਾਲ ਅੱਗੇ ਤੋਂ ਅੱਗੇ ਵਧਦੇ ਹਨ। ਕਈ ਤਾਂ ਜਾਨ ਵੀ ਗੁਆ ਚੁੱਕੇ ਹਨ। ਜੋ ਸਪੀਡ ਲਿਮਟ ਜਿਸ-ਜਿਸ ਸੜਕ ’ਤੇ ਨਿਰਧਾਰਤ ਕੀਤੀ ਹੋਈ ਹੈ ਉਸ ਦੇ ਹਿਸਾਬ ਨਾਲ ਹੀ ਚੱਲੋ। ਸ਼ਰਾਬ ਪੀ ਕੇ ਗੱਡੀ ਨਾ ਚਲਾਓ। ਤੁਹਾਡੇ ਮਾਂ-ਬਾਪ, ਭੈਣ-ਭਰਾ, ਘਰਵਾਲੀ, ਬੱਚੇ ਘਰੇ ਤੁਹਾਡਾ ਇੰਤਜ਼ਾਰ ਕਰ ਰਹੇ ਹੋਣਗੇ। ਆਪਣੀ ਜ਼ਿੰਦਗੀ ਬਾਰੇ ਵੀ ਸੋਚੋ ਅਤੇ ਦੂਜਿਆਂ ਬਾਰੇ ਵੀ। ਇਸ ਵਿਚ ਹੀ ਸਭਨਾਂ ਦੀ ਭਲਾਈ ਹੈ।

About the author

Asia Metro Editor

Surjit Singh Flora
editor@asiametro.ca

Leave a Comment